ਹੇਠ ਲਿਖੇ ਵਾਰਤਕ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਹਨਾਂ ਦੇ ਹੇਠਾਂ ਪੁੱਛੇ ਗਏ ਬਹੁ-ਵਿਕਲਪੀ ਪ੍ਰਸ਼ਨਾਂ ਦੇ ਉੱਤਰ ਉਹਨਾਂ ਵਿੱਚੋਂ ਚੁਣ ਕੇ ਲਿਖੋ : ਬੁਝਾਰਤਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ । ਇਹਨਾਂ ਰਾਹੀਂ ਮਨੁੱਖੀ ਮਨ ਦੀ ਸਥਿਤੀ ਦਾ ਪਤਾ ਲੱਗਦਾ ਹੈ ਕਿ ਉਹ ਕਿਸੇ ਵੀ ਸੰਕੇਤ ਜਾਂ ਇਸ਼ਾਰੇ ਨੂੰ ਕਿੱਥੋਂ ਤੱਕ ਸਮਝਣ ਦੇ ਸਮਰੱਥ ਹੈ । ਬੁਝਾਰਤਾਂ ਤੋਂ ਭਾਵ ਹੈ ਬੁੱਝਣ ਵਾਲੀਆਂ ਗੱਲਾਂ, ਜਿਸ ਵਿੱਚ ਜੀਵਨ ਦੇ ਕਿਸੇ ਇੱਕ ਪੱਖ ਨੂੰ ਸੁਤ੍ਰਿਕ ਸ਼ੈਲੀ ਵਿੱਚ ਅੜਾਉਣੀ ਦੇ ਰੂਪ ਵਿੱਚ ਪੇਸ਼ ਕੀਤਾ ਹੁੰਦਾ ਹੈ । ਬੁਝਾਰਤਾਂ ਵਿੱਚ ਇੱਕ ਛੋਟੀ ਜਿਹੀ ਘੁੰਢੀ ਰੱਖ ਕੇ, ਮਿਲਦੀ-ਜੁਲਦੀ ਚੀਜ਼ ਦਾ ਵੇਰਵਾ ਦੇ ਕੇ ਸਵਾਲ ਪੁੱਛਿਆ ਜਾਂਦਾ ਹੈ । ਇਸ ਲਈ ਇਹਨਾਂ ਨੂੰ ਬੁੱਝਣ ਵਾਲੀਆਂ ਬਾਤਾਂ ਵੀ ਕਿਹਾ ਜਾਂਦਾ ਹੈ । ਇਸ ਨਾਲ ਮਨੁੱਖ ਦੀ ਸੁਝ-ਬੁਝ ਅਤੇ ਦਿਮਾਗੀ ਚੁਸਤੀ-ਫੁਰਤੀ ਦੀ ਪਰਖ ਕੀਤੀ ਜਾਂਦੀ ਹੈ । ਜੇਕਰ ਇਸਦੇ ਸ਼ਬਦਾਂ ਨੂੰ ਧਿਆਨ ਨਾਲ ਵੇਖਿਆ ਜਾਵੇ, ਤਾਂ ਇਸ ਦਾ ਉੱਤਰ ਇਹਨਾਂ ਵਿੱਚ ਹੀ ਛੁਪਿਆ ਮਿਲ ਜਾਂਦਾ ਹੈ । ਜਿੱਥੇ ਇਹ ਲੋਕ-ਸਾਹਿਤ ਦਾ ਵੱਡਾ ਖਜਾਨਾ ਹਨ, ਉਥੇ ਇਹ ਗਿਆਨ-ਬੋਧ ਦਾ ਵੱਡਾ ਸੋਮਾ ਹਨ । ਮਨੁੱਖ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਗੁੰਝਲਾਂ ਨੂੰ ਤਾਂ ਹੀ ਖੋਲਣ ਦੇ ਸਮਰੱਥ ਹੋ ਸਕਦਾ ਹੈ ਜੇਕਰ ਉਸਨੇ ਪਹਿਲਾਂ ਬੁਝਾਰਤਾਂ ਨੂੰ ਸਮਝਣ ਅਤੇ ਬੁੱਝਣ ਵਿੱਚ ਸਮਰੱਥਾ ਪ੍ਰਾਪਤ ਕੀਤੀ ਹੋਵੇ । ਪੁਰਾਣੇ ਸਮੇਂ ਵਿੱਚ ਮਨੁੱਖ ਕੋਲ ਅੱਜ ਵਾਂਗ ਮਨੋਰੰਜਨ ਦੇ ਸਾਧਨ ਨਹੀਂ ਸਨ । ਉਸ ਸਮੇਂ ਲੋਕ ਆਮ-ਤੌਰ ਤੇ ਰਾਤ ਦਾ ਰੋਟੀ-ਟੁੱਕ ਖਾ ਕੇ ਸੌਣ ਤੋਂ ਪਹਿਲਾਂ ਬਾਤਾਂ ਪਾਉਣ ਲਈ ਮੰਜਿਆਂ ’ਤੇ ਜੁੜ ਬੈਠਦੇ ਸਨ । ਪਰਿਵਾਰਿਕ ਸਾਂਝ, ਰਿਸ਼ਤੇ-ਨਾਤੇ, ਸਮਾਜਿਕ ਆਲਾ-ਦੁਆਲਾ, ਕੰਮ-ਕਾਰ, ਬਨਸਪਤੀ, ਬ੍ਰਹਿਮੰਡ ਆਦਿ ਵਿਸ਼ਿਆਂ ਵਿੱਚੋਂ ਬੁਝਾਰਤਾਂ ਰੂਪੀ ਸਵਾਲ ਪੁੱਛਦੇ ਸਨ । ਬੱਚੇ ਬੜੀ ਦਿਲਚਸਪੀ ਨਾਲ ਹਿੱਸਾ ਲੈਂਦੇ ਸਨ । ਇਹ ਸੋਚ-ਸ਼ਕਤੀ ਅਤੇ ਕਲਪਨਾ-ਸ਼ਕਤੀ ਦਾ ਵਿਕਾਸ ਕਰਦੀਆਂ ਹਨ । ਇਸ ਨਾਲ ਬੱਚਿਆਂ ਅਤੇ ਵੱਡਿਆਂ ਵਿੱਚ ਦੂਜਿਆਂ ਦੀ ਗੱਲ ਧਿਆਨ ਨਾਲ ਸੁਣ ਕੇ ਤਰਕ ਕਰਨ ਦੀ ਰੁਚੀ ਵਿਕਸਿਤ ਹੁੰਦੀ ਸੀ, ਦਿਮਾਗੀ ਕਸਰਤ ਵੀ ਹੁੰਦੀ ਸੀ । ਹੁਣ ਵਿਗਿਆਨਕ ਕਾਢਾਂ ਨੇ ਮਨੋਰੰਜਨ ਦੇ ਅਨੇਕਾਂ ਸਾਧਨ ਵਿਕਸਿਤ ਕਰ ਦਿੱਤੇ ਹਨ ਜਿਸ ਕਰਕੇ ਬੁਝਾਰਤਾਂ ਪਾਉਣਾ, ਸੁਨਣਾ ਅਤੇ ਬੁੱਝਣ ਦਾ ਰਿਵਾਜ਼ ਹੀ ਖਤਮ ਹੋ ਰਿਹਾ ਹੈ ।